ਇੱਕ ਨਜ਼ਮ ਅਲ੍ਹੜਪੁਣੇ ਦੀ
ਉਹ ਜੋ ਹੈ ਮਹਿਬੂਬ ਮੇਰਾ, ਮੈਨੂੰ ਲਗਦਾ ਬੜਾ ਪਿਆਰਾ
ਦਿਲ ਕਰਦਾ ਉਸਤੋਂ ਵਾਰ ਦਿਆਂ ਮੈਂ ਜਗ ਸਾਰੇ ਦਾ ਸਾਰਾ
ਉਹ ਆਖੇ ਤਾਰੇ ਅੰਬਰਾਂ ਦੇ ਮੈਂ ਤੋਡ਼ ਕੇ ਹੁਣੇ ਲਿਆਵਾਂ
ਜਾਨ ਵੀ ਜੇਕਰ ਮੰਗ ਲੇਵੇ ਤਾਂ ਉਸਦੀ ਝੋਲੀ ਪਾਵਾਂ
ਉਹਦੀ ਇੱਕ ਨਜ਼ਰ ਦੇ ਲਈ ਮੇਰੀ ਨਜ਼ਰਾਂ ਦੇ ਸੌ ਸੌ ਸਜ਼ਦੇ ਨੇ
ਉਹਦੇ ਨੈਣ ਜੋ ਝੁਕਦੇ ਉਠਦੇ ਨੇਂ ਪੁਰਜ਼ੋਰ ਕਿਆਮਤ ਕਰਦੇ ਨੇ
ਉਹਦੇ ਹੋਠਾਂ ਉੱਪਰ ਰੌਣਕ ਹੈ ਅਣਭੋਲ ਉਮਰ ਦੇ ਹਾਸੇ ਦੀ
ਉਹਨੂੰ ਵੇਖ ਤ੍ਰਿਸਨਾ ਵੱਧ ਜਾਂਦੀ ਉਸਦੇ ਰੂਪ ਪਿਆਸੇ ਦੀ
ਉਹਦੇ ਜੋਬਨ ਦਾ ਜੋ ਹੜ੍ਹ ਆਇਆ ਮੇਰਾ ਦਿਲ ਉਸਦੇ ਵਿੱਚ ਡੁੱਬ ਚੱਲਿਆ
ਮੇਰਾ ਆਪਣਾ ਵਜੂਦ ਨਾਂ ਕੋਈ ਰਿਹਾ ਮਹਿਬੂਬ ਮੇਰੇ ਵਿੱਚ ਖੁੱਭ ਚੱਲਿਆ
ਨਾਂ ਮੈਂ ਰਾਂਝਾ ਨਾਂ ਉਹ ਹੀਰ ਰਹੀ, ਸਾਡੇ ਵਿੱਚ ਨਾ ਕੋਈ ਤਕਦੀਰ ਰਹੀ
ਉਹਦੇ ਇਸ਼ਕ ਦੀ ਦੌਲਤ ਪਾ ਚੁੱਕਾ ਭਾਵੇਂ ਆਖੇ ਮੈਨੂੰ ਫਕੀਰ ਕੋਈ
ਉਹ ਮੇਰੀ ਹਕੀਕਤ ਬਣ ਜਾਵੇ ਇਸਦਾ ਇੰਤਜ਼ਾਰ ਮੈਂ ਕਰਦਾ ਹਾਂ
ਮਹਿਬੂਬ ਖੁਦਾ ਹੈ ਮੇਰੇ ਲਈ ਜਿਸਦਾ ਇਤਬਾਰ ਮੈਂ ਕਰਦਾ ਹਾਂ
ਹਾਂ ਉਸਨੂੰ ਪਿਆਰ ਮੈਂ ਕਰਦਾ ਹਾਂ
ਹਾਂ ਉਸਨੂੰ ਪਿਆਰ ਮੈਂ ਕਰਦਾ ਹਾਂ
ਜਗਜੀਤ ਕਾਫ਼ਿਰ