Thursday, April 26, 2018

ਨਿਜਾਤ

ਤੂੰ
ਜੋ ਅਾਈਂ ਹੈਂ
ਮੇਰੀ ਨਿਜ਼ਾਤ ਨੂੰ
ਰਹਿਣ ਦੇ
ਇਹ ਕੋਸ਼ਿਸ਼ ਨਾ ਕਰ

ਇਹ ਜੰਜ਼ੀਰਾਂ
ਇਹ ਸਲਾਖਾਂ
ਇਹ ਸਲਾਭੀਆਂ ਕੰਧਾਂ
ਇਹ ਠੰਡਾ ਖੁਰਦਰਾ ਫਰਸ਼
ਇਹ ਨੀਮ ਹਨੇਰਾ

ਇਹ ਕੈਦਖਾਨਾ
ਮੇਰਾ ਹੀ ਵਿਸਥਾਰ ਹੈ
ਇਹ ਮੈਂ ਹੀ ਹਾਂ

ਓਹ ਆਜ਼ਾਦ ਹਵਾਵਾਂ
ਓਹ ਤੇਜ਼ ਰੌਸ਼ਨੀ
ਬੇੜੀਆਂ ਤੋਂ ਸੱਖਣੇ ਪੈਰ

ਨਹੀਂ
ਮੈਂ ਨਹੀਂ ਜੀ ਸਕਦਾ
ਅੰਨਾ ਹੋ ਜਾਵਾਂਗਾ
ਲੱਭਾਂਗਾ ਕੋਈ ਸਹਾਰਾ
ਤੁਰਨ ਲਈ
ਲਰਜ਼ ਉਠੇਗਾ ਮੇਰਾ ਵਜੂਦ

ਇੰਜ ਨਾ ਕਰ
ਵਾਪਸ ਮੁੜ ਜਾ
ਆਪਣੀ ਦੁਨੀਆਂ ਵਿੱਚ

ਮੈਂ
ਅਜੇ ਜੀਣਾ ਹੈ
ਕੁਝ ਹੋਰ ਸਮਾਂ
ਆਪਣੀ ਕੈਦ ਵਿੱਚ

ਜਗਜੀਤ ਕਾਫਿਰ

Jagjit Kaafir

No comments:

Post a Comment