Wednesday, May 23, 2018

ਚੀਕ

ਇੱਕ ਚੀਕ ਹੈ,
ਤੜਫ ਭਰੀ,
ਬੇਚੈਨੀ ਭਰੀ,
ਘੁੰਮ ਰਹੀ ਹੈ, ਰਗਾਂ ਅੰਦਰ।

ਖੌਰੇ ਕਦੋਂ ਤੋਂ,
ਰਸਤੇ ਤਲਾਸ਼ ਰਹੀ ਹੈ,
ਨਿਕਲਣ ਦੇ, ਜ਼ਾਹਿਰ ਹੋਣ ਦੇ,
ਆਪਣੇ ਹੋਣ ਦਾ ਐਲਾਨ ਕਰਨ ਦੇ।

ਬੜੀ ਕੋਸ਼ਿਸ਼ ਨਾਲ,
ਰੋਕਦਾ ਹਾਂ ਬਾਹਰ ਨਿਕਲਦੀ ਨੂੰ ,
ਵਾਪਸ ਭੇਜਦਾ ਹਾਂ,
ਬੰਦ ਕਰਦਾ ਹਾਂ,
ਵਿਅਕਤ ਹੋਣ ਦੇ ਹਰ ਦਰਵਾਜੇ ਨੂੰ।

ਇਹ ਚੀਕ,
ਅਜੇ ਕਮਜ਼ੋ਼ਰ ਹੈ,
ਰੁਲ ਜਾਵੇਗੀ,
ਭੀੜ ਦੇ ਅੰਦਰ,

ਇਹ ਚੀਕ,
ਜਵਾਨ ਹੋਵੇ,
ਮੂੰਹਜੋਰ ਹੋਵੇ,
ਬਾਗੀ ਹੋਵੇ,
ਤੇ ਬਾਹਰ ਨਿਕਲੇ,
ਪੂਰੀ ਸ਼ਿੱਦਤ ਨਾਲ,
ਵੇਗ ਨਾਲ,
ਆਵਾਜ਼ ਨਾਲ।

ਕੰਬ ਜਾਵੇ,
ਮੇਰਾ ਵਜੂਦ,
ਮੇਰੀ ਦੁਨੀਆਂ,
ਮੇਰਾ ਬ੍ਰਹਿਮੰਡ,
ਤੇ ਇਹ ਚੀਕ,
ਮੌਨ ਧਾਰਨ ਕਰ ਕੇ,
ਬੈਠ ਜਾਵੇ,
ਕਿਸੇ ਸਾਧਕ ਦੀ ਗੁਫ਼ਾ ਅੰਦਰ।

ਜਗਜੀਤ ਕਾਫ਼ਿਰ

No comments:

Post a Comment